- ‘ਆਪ’ ਕੋਲ ਪੰਜਾਬ ਦੇ ਵਿਕਾਸ ਦਾ ਕੋਈ ਏਜੰਡਾ ਨਹੀਂ ਹੈ : ਕੇਵਲ ਸਿੰਘ ਢਿੱਲੋਂ
ਬਰਨਾਲਾ, 02 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਸੁਪਰ ਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਣ ਪੁੱਜੇ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਓਪੀ ਸੋਨੀ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਰਾਜਨੀਤੀ ਦਾ ‘ਬੈਸਟ ਡਰਾਮੇਬਾਜ਼’ ਦੱਸਦਿਆਂ ਕਿਹਾ ਕਿ ਭਗਵੰਤ ਮਾਨ ਦੀ ਚੁੱਪ ਤੋਂ ਬਾਅਦ ਹੁਣ ਸਿਆਸੀ ਚੁਟਕਲਿਆਂ ਦੀ ਜ਼ਿੰਮੇਵਾਰੀ ਕੇਜਰੀਵਾਲ ਨੇ ਲੈ ਲਈ ਹੈ। ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ’ਤੇ ਗੱਲਬਾਤ ਕਰਦੇ ਹੋਏ ਉਨਾਂ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਦਾ ਚਿਹਰਾ ਨਾ ਬਣਾਏ ਜਾਣ ਕਰਕੇ ਨਰਾਜ਼ ਹੈ, ਇਸ ਲਈ ਅਰਵਿੰਦ ਕੇਜਰੀਵਾਲ ਪੰਜਾਬ ਆ ਕੇ ਕਦੇ ਬਿਜਲੀ ਅਤੇ ਕਦੇ ਸਿਹਤ ਸੰਬੰਧੀ ਗਰੰਟੀਆਂ ਦੇਣ ਦੇ ਜੁਮਲੇ ਸੁਣਾ ਰਿਹਾ ਹੈ। ਉਨਾਂ ਕਿਹਾ ਕਿ ਦਿੱਲੀ ਅਤੇ ਪੰਜਾਬ ਦਾ ਰਾਜਨੀਤਿਕ, ਆਰਥਿਕ, ਭੂਗੋਲਿਕ ਪੱਖ ਤੋਂ ਜ਼ਮੀਨ- ਅਸਮਾਨ ਦਾ ਫ਼ਰਕ ਹੈ ਫਿਰ ਵੀ ਸ੍ਰੀ ਕੇਜਰੀਵਾਲ ਪੰਜਾਬ ਦੀ ਚੋਣ ਦਿੱਲੀ ਦੀਆਂ ਪ੍ਰਾਪਤੀਆਂ ਦੇ ਅਧਾਰ ’ਤੇ ਲੜਨਾ ਚਾਹੁੰਦੇ ਹਨ, ਕਿਉਂਕਿ ਆਮ ਆਦਮੀ ਪਾਰਟੀ ਕੋਲ ਪੰਜਾਬ ਦੇ ਵਿਕਾਸ ਲਈ ਕੋਈ ਏਜੰਡਾ ਨਹੀਂ ਹੈ। ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਟਿੱਪਣੀ ਕੀਤੀ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਟ ਅਤੇ ਹਲਕਾ ਬਰਨਾਲਾ ਤੋਂ ਐਮਐਲਏ ਆਮ ਆਦਮੀ ਪਾਰਟੀ ਦਾ ਹੋਣ ਦੇ ਬਾਵਜੂਦ ਵੀ ਭਗਵੰਤ ਮਾਨ ਤੇ ਮੀਤ ਹੇਅਰ ਦੀ ਕੋਈ ਇੱਕ ਅਜਿਹੀ ਪ੍ਰਾਪਤੀ ਸੰਗਰੂਰ ਤੇ ਬਰਨਾਲਾ ਦੇ ਲੋਕਾਂ ਲਈ ਨਹੀਂ ਹੈ ਜਿਸ ਦੇ ਅਧਾਰ ’ਤੇ ਉਕਤ ਦੋਵੇ ਆਗੂ ਲੋਕਾਂ ਵਿੱਚ ਖੜ ਸਕਣ, ਇਸ ਲਈ ਆਪ ਆਗੂਆਂ ਵੱਲੋਂ ਪੰਜਾਬ ਦੇ ਮੰਚਾਂ ’ਤੇ ਵਾਰ-ਵਾਰ ਦਿੱਲੀ ਏਜੰਡੇ ਦੀ ਗੱਲ ਕੀਤੀ ਜਾ ਰਹੀ ਹੈ। ਢਿੱਲੋਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿਉਂਕਿ ਕੇਜਰੀਵਾਲ ਪੰਜਾਬ ਦੇ ਪਾਣੀਆਂ ਦੇ ਮੁੱਦੇ ’ਤੇ ਹਰਿਆਣੇ ਦੇ ਹੱਕ ’ਚ ਭੁਗਤਦੇ ਹਨ ਅਤੇ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਮੰਨਦੇ ਹਨ। ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੀ ਗਰੰਟੀ ਦੇਣ ’ਤੇ ਟਿੱਪਣੀ ਕਰਦੇ ਹੋਏ ਢਿੱਲੋਂ ਨੇ ਕਿਹਾ ਕਿ ਜਿਸ ਪਾਰਟੀ ਦਾ ਦਿੱਲੀ ਦਾ ਵਿਧਾਇਕ ਜਰਨੈਲ ਸਿੰਘ ਸਮੇਂ ਸਿਰ ਲੋੜੀਦੀਆਂ ਸਿਹਤ ਸਹੂਲਤਾਂ ਨਾਲ ਮਿਲਣ ਕਰਕੇ ਦਮ ਤੋੜ ਗਿਆ। ਉਹ ਪਾਰਟੀ ਆਮ ਲੋਕਾਂ ਨੂੰ ਕਿਹੋ ਜਿਹੀਆਂ ਸਿਹਤ ਸਹੂਲਤਾਂ ਦੇਵੇਗੀ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ , ਚੇਅਰਮੈਨ ਮੱਖਣ ਸ਼ਰਮਾ, ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਔਲਖ, ਮੀਤ ਪ੍ਰਧਾਨ ਨਰਿੰਦਰ ਨੀਟਾ, ਚੇਅਰਮੈਨ ਜ਼ਿਲਾ ਪ੍ਰੀਸ਼ਦ ਸਰਬਜੀਤ ਕੌਰ ਖੁੱਡੀ, ਚੇਅਰਮੈਨ ਮਾਰਕੀਟ ਕਮੇਟੀ ਅਸ਼ੋਕ ਕੁਮਾਰ, ਮਹਿਲਾ ਕਾਂਗਰਸ ਆਗੂ ਸੁਖਜੀਤ ਕੌਰ ਸੁੱਖੀ ਆਦਿ ਵੀ ਹਾਜ਼ਰ ਸਨ।