ਬਰਨਾਲਾ 3 ਨਵੰਬਰ (ਨਿਰਮਲ ਸਿੰਘ ਪੰਡੋਰੀ)- ਬਰਨਾਲਾ ਦੀ ਜੇਲ੍ਹ ਵਿੱਚ ਬੰਦ ਇਕ ਕੈਦੀ ਦੀ ਪਿੱਠ ਉੱਪਰ ਅਤਿਵਾਦੀ ਸ਼ਬਦ ਲਿਖੇ ਜਾਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਏ ਡੀ ਜੀ ਪੀ ਜੇਲ੍ਹਾਂ ਨੂੰ ਇਸ ਮਾਮਲੇ ਦੀ ਤਹਿ ਤਕ ਜਾਣ ਅਤੇ ਕੈਦੀ ਦਾ ਮੈਡੀਕਲ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਗ੍ਰਹਿ ਮੰਤਰੀ ਦੇ ਹੁਕਮਾਂ ਤੋਂ ਬਾਅਦ ਏ ਡੀ ਜੀ ਪੀ ਜੇਲ੍ਹਾਂ ਸ੍ਰੀ ਪੀ ਕੇ ਸਿਨਹਾ ਨੇ ਤੇਜਿੰਦਰ ਸਿੰਘ ਮੌੜ ਡੀਆਈਜੀ ਫ਼ਿਰੋਜ਼ਪੁਰ ਸਰਕਲ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਹੈ ਜੋ ਮੌਕੇ ‘ਤੇ ਜਾ ਕੇ ਮਾਮਲੇ ਦੀ ਪੜਤਾਲ ਕਰਨਗੇ । ਜ਼ਿਕਰਯੋਗ ਹੈ ਕਿ ਬਰਨਾਲਾ ਜੇਲ੍ਹ ਵਿਚ ਬੰਦ ਇਕ ਕੈਦੀ ਕਰਮਜੀਤ ਸਿੰਘ ਨੇ ਮਾਨਸਾ ਵਿਖੇ ਪੇਸ਼ੀ ਦੌਰਾਨ ਜੇਲ੍ਹ ਸਟਾਫ ਉਤੇ ਆਪਣੇ ਸਰੀਰ ਉੱਪਰ ਕਥਿਤ ਤੌਰ ਤੇ ਅਤਿਵਾਦੀ ਸ਼ਬਦ ਲਿਖੇ ਜਾਣ ਦਾ ਦੋਸ਼ ਲਗਾਇਆ ਸੀ।