-ਪਿੰਡ ਵਿੱਚ ਪਾਰਲੀਮੈਂਟ ਦੀ ਤਰਜ਼ ’ਤੇ ਲਾਇਬਰੇਰੀ ਬਣਾਉਣ ਦਾ ਕੀਤਾ ਸੀ ਵਾਅਦਾ
ਬਰਨਾਲਾ, 12 ਨਵੰਬਰ (ਨਿਰਮਲ ਸਿੰਘ ਪੰਡੋਰੀ) : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਦੀਵਾਨਾ ਦੇ ਲੋਕਾਂ ਨੂੰ ਪਿੰਡ ਵਿੱਚ ਨਮੂਨੇ ਦੀ ਲਾਇਬਰੇਰੀ ਬਣਾਉਣ ਲਈ ਲੋਕ ਸਭਾ ਮੈਂਬਰ ਭਗਵੰਤ ਮਾਨ ਵੱਲੋਂ ਐਲਾਨ ਕੀਤੀ ਗਰਾਂਟ ਦੀ ਅਜੇ ਵੀ ਬੇਸਬਰੀ ਨਾਲ ਉਡੀਕ ਹੈ ਭਾਵੇਂ ਕਿ ਐਲਾਨ ਕੀਤੇ ਨੂੰ ਲੱਗਭੱਗ 3 ਸਾਲ ਦਾ ਸਮਾਂ ਹੋ ਚੁੱਕਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬਰੇਰੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ 8 ਮਾਰਚ 2019 ਨੂੰ ਪਿੰਡ ਵਿੱਚ ਭਰਵੇਂ ਇਕੱਠ ਵਿੱਚ ਮੈਂਬਰ ਪਾਰਲੀਮੈਂਟ ਭਗੰਵਤ ਮਾਨ ਨੇ ਪਿੰਡ ਵਾਸੀਆਂ ਦੀ ਮੰਗ ਦੇ ਜਵਾਬ ਵਿੱਚ ਐਲਾਨ ਕੀਤਾ ਸੀ ਕਿ ਪਾਰਲੀਮੈਂਟ ਦੀ ਤਰਜ਼ ’ਤੇ ਪਿੰਡ ਵਿੱਚ ਨਮੂਨੇ ਦੀ ਲਾਇਬਰੇਰੀ ਬਣਾਈ ਜਾਵੇਗੀ। ਭਗੰਵਤ ਮਾਨ ਨੇ ਕਿਹਾ ਸੀ ਕਿ ਐਮਪੀ ਲੈਂਡ ਸਕੀਮ ਦੀ ਪਹਿਲੀ ਗਰਾਂਟ ਵਿੱਚੋ ਸਭ ਤੋਂ ਪਹਿਲਾਂ ਪਿੰਡ ਦੀਵਾਨਾ ਦੀ ਲਾਇਬਰੇਰੀ ਦੀ ਇਮਾਰਤ ਲਈ ਗਰਾਂਟ ਦਿੱਤੀ ਜਾਵੇਗੀ। ਪ੍ਰਬੰਧਕਾਂ ਨੇ ਗਿਲਾ ਪ੍ਰਗਟ ਕੀਤਾ ਕਿ ਉਕਤ ਮਾਮਲੇ ’ਚ ਭਗੰਵਤ ਮਾਨ ਨੂੰ ਕਈ ਵਾਰ ਯਾਦ ਕਰਵਾਉਣ ਤੋਂ ਬਾਅਦ ਵੀ ਗਰਾਂਟ ਨਹੀਂ ਦਿੱਤੀ ਗਈ। ਉਨਾਂ ਕਿਹਾ ਕਿ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਲਾਇਬਰੇਰੀ ਦੇ ਵਾਅਦੇ ਸੰਬੰਧੀ ਪੁੱਛਿਆ ਤਾਂ ਉਨਾਂ ਸਾਫ ਆਖ ਦਿੱਤਾ ਕਿ ਭਗਵੰਤ ਮਾਨ ਹੀ ਦੱਸ ਸਕਦੇ ਹਨ। ਕਈ ਵਾਰ ਭਗਵੰਤ ਮਾਨ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਫੋਨ ਨਹੀਂ ਚੁੱਕਦੇ ਅਤੇ ਮੈਸਜਾਂ ਦਾ ਜਵਾਬ ਨਹੀਂ ਦਿੰਦੇ। ਪ੍ਰਬੰਧਕਾਂ ਨੇ ਕਿਹਾ ਕਿ ਆਪ ਦੇ ਜ਼ਿਲਾ ਯੂਥ ਪ੍ਰਧਾਨ ਜੋਤ ਵੜਿੰਗ ਨਾਲ ਉਕਤ ਮਾਮਲੇ ’ਚ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਮਾਰਚ 2020 ’ਚ ਕੋਰੋਨਾ ਮਹਾਂਮਾਰੀ ਕਾਰਨ ਕੇਂਦਰ ਸਰਕਾਰ ਵੱਲੋਂ ਐਮਪੀ ਲੈਂਡ ਸਕੀਮ ਤਹਿਤ ਗਰਾਂਟਾਂ ਰੋਕਣ ਕਾਰਨ ਭਗਵੰਤ ਮਾਨ ਵੱਲੋਂ ਐਲਾਨ ਕੀਤੀਆਂ ਗਰਾਂਟਾਂ ਨਹੀਂ ਦਿੱਤੀਆਂ ਜਾ ਸਕੀਆਂ। ਲਾਇਬਰੇਰੀ ਦੇ ਪ੍ਰਬੰਧਕਾਂ ਨੇ ਯਾਦ ਕਰਵਾਇਆ ਕਿ ਹੁਣ ਕੇਂਦਰ ਸਰਕਾਰ ਨੇ ਐਮਪੀ ਲੈਂਡ ਸਕੀਮ ਬਹਾਲ ਕਰ ਦਿੱਤੀ ਹੈ ਅਤੇ 2 ਕਰੋੜ ਦੀ ਗਰਾਂਟ ਵੀ ਇੱਕ ਲੋਕ ਸਭਾ ਮੈਂਬਰ ਨੂੰ ਜਲਦੀ ਹੀ ਦਿੱਤੀ ਜਾ ਰਹੀ ਹੈ ਤਾਂ ਭਗਵੰਤ ਮਾਨ ਨੂੰ ਦੀਵਾਨਾ ਪਿੰਡ ਦੇ ਲੋਕਾਂ ਨਾਲ ਲਾਇਬਰੇਰੀ ਸੰਬੰਧੀ ਕੀਤਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ।