ਬਰਨਾਲਾ, 14 ਜੁਲਾਈ (ਜੀ98 ਨਿਊਜ਼) : ਫ਼ਰੀਦਕੋਟ ਦੇ ਮਿੰਨੀ ਸਕੱਤਰੇਤ ਵਿੱਚ 400 ਤੋਂ ਵੱਧ ਤੋਤੇ ਅਤੇ ਹੋਰ ਪੰਛੀ ਮਰਨ ਦਾ ਮਾਮਲਾ ਕੌਮੀ ਗਰੀਨ ਟਿ੍ਰਬਿਊਨਲ ਦੀ ਅਦਾਲਤ ਪੁੱਜ ਗਿਆ ਹੈ। ਕੌਮੀ ਗਰੀਨ ਟਿ੍ਰਬਿਊਨਲ ਦੇ ਚੇਅਰਮੈਨ ਜਸਟਿਸ ਆਦਰਸ਼ ਕੁਮਾਰ ਗੋਇਲ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਚੀਫ਼ ਵਾਰਡਨ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਫ਼ਰੀਦਕੋਟ ਦੇ ਮਿੰਨੀ ਸਕੱਤਰੇਤ ਵਿੱਚ ਠੇਕੇ ’ਤੇ ਦਿੱਤੇ ਜਾਮਣਾਂ ਦੇ ਰੁੱਖਾਂ ਉੱਪਰ ਠੇਕੇਦਾਰ ਨੇ ਵੱਧ ਝਾੜ ਲੈਣ ਦੇ ਲਾਲਚ ਵਜੋਂ ਜ਼ਹਿਰੀਲੀ ਸਪਰੇਅ ਕਰ ਦਿੱਤੀ ਸੀ ਜਿਸ ਤੋਂ ਬਾਅਦ ਤੋਤੇ, ਘੁੱਗੀਆਂ, ਬਗਲੇ ਅਤੇ ਹੋਰ ਪੰਛੀ ਮਰ ਗਏ ਸਨ। ਇਨਾਂ ਪੰਛੀਆਂ ਦੀ ਮੌਤ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਸੀ, ਜਿਸ ਤੋਂ ਬਾਅਦ ਫ਼ਰੀਦਕੋਟ ਪ੍ਰਸਾਸ਼ਨ ਨੇ ਇਹ ਹਾਸੋਹੀਣਾ ਦਾਅਵਾ ਕੀਤਾ ਸੀ ਕਿ ਪੰਛੀਆਂ ਦੀ ਮੌਤ ਤੇਜ਼ ਹਨੇਰੀ ਕਾਰਨ ਹੋਈ ਹੈ ਪ੍ਰੰਤੂ ਕੌਮੀ ਗਰੀਨ ਟਿ੍ਰਬਿਊਨਲ ਨੇ ਇਸ ਮਾਮਲੇ ਨੂੰ ਗੰਭੀਰ ਮੰਨਦੇ ਹੋਏ ਪੜਤਾਲ ਕਰਕੇ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ ਹਨ।